ਪੰਜਾਬੀ ਫਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਹਿਮਾਂਸ਼ੀ ਖੁਰਾਣਾ (Himanshi Khurana) ਨੂੰ 10 ਕਰੋੜ ਰੁਪਏ ਦੀ ਫਿਰੌਤੀ ਲਈ ਧਮਕੀ ਭਰੀ ਈ-ਮੇਲ ਮਿਲਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਹਿਮਾਂਸ਼ੀ ਵੱਲੋਂ ਦਰਜ ਕਰਵਾਈ ਸ਼ਿਕਾਇਤ ਮੁਤਾਬਕ, ਇਹ ਧਮਕੀ ਉਸ ਦੀ ਨਿੱਜੀ ਈ-ਮੇਲ ਆਈਡੀ ’ਤੇ ਭੇਜੀ ਗਈ ਸੀ, ਜਿਸ ਵਿੱਚ ਇੱਕ ਵਾਇਸ ਨੋਟ (ਆਵਾਜ਼ ਦਾ ਸੁਨੇਹਾ) ਵੀ ਸ਼ਾਮਲ ਸੀ।
ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵਾਇਸ ਨੋਟ ਕਿਸੇ ਵਿਦੇਸ਼ ਬੈਠੇ ਗੈਂਗਸਟਰ ਦਾ ਹੈ, ਜਿਸ ਨੇ ਮੋਟੀ ਰਕਮ ਦੀ ਮੰਗ ਕਰਦਿਆਂ ਅਦਾਕਾਰਾ ਨੂੰ ਧਮਕਾਇਆ ਹੈ।
ਇਸ ਗੰਭੀਰ ਸ਼ਿਕਾਇਤ ’ਤੇ ਤੁਰੰਤ ਕਾਰਵਾਈ ਕਰਦਿਆਂ ਮੁਹਾਲੀ ਦੇ ਸੋਹਾਣਾ ਥਾਣੇ ਵਿੱਚ ਸ਼ੁੱਕਰਵਾਰ ਨੂੰ ਭਾਰਤੀ ਨਿਆ ਸੰਹਿਤਾ (BNS) ਦੀਆਂ ਧਾਰਾਵਾਂ 308(4) ਅਤੇ 351(3) ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਐਸ.ਪੀ. (ਇਨਵੈਸਟੀਗੇਸ਼ਨ) ਸੌਰਵ ਜਿੰਦਲ ਨੇ ਪੁਸ਼ਟੀ ਕੀਤੀ ਹੈ ਕਿ ਪੁਲੀਸ ਨੇ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਸਾਈਬਰ ਸੈੱਲ ਦੀ ਮਦਦ ਨਾਲ ਈ-ਮੇਲ ਅਤੇ ਵਾਇਸ ਮੈਸੇਜ ਦੇ ਸਰੋਤ ਦਾ ਪਤਾ ਲਗਾਇਆ ਜਾ ਰਿਹਾ ਹੈ ਤਾਂ ਜੋ ਧਮਕੀ ਦੇਣ ਵਾਲੇ ਅਸਲ ਮੁਲਜ਼ਮਾਂ ਤੱਕ ਪਹੁੰਚਿਆ ਜਾ ਸਕੇ।




