ਕੈਲਗਰੀ, 28 ਅਪ੍ਰੈਲ (ਦੇਸ ਪੰਜਾਬ ਟਾਇਮਜ਼): ਕੈਨੇਡਾ ਜਾਣ ਦੇ ਚਾਹਵਾਨਾਂ ਲਈ ਇੱਕ ਅਹਿਮ ਖ਼ਬਰ ਹੈ ਕਿ ਸੰਘੀ ਸਰਕਾਰ 30 ਅਪ੍ਰੈਲ 2026 ਤੋਂ ਪੱਕੀ ਰਿਹਾਇਸ਼ (PR) ਦੀਆਂ ਅਰਜ਼ੀਆਂ ਦੀਆਂ ਫੀਸਾਂ ਵਿੱਚ ਵਾਧਾ ਕਰਨ ਜਾ ਰਹੀ ਹੈ। ਇਮੀਗ੍ਰੇਸ਼ਨ, ਰਫਿਊਜੀਜ਼ ਅਤੇ ਸਿਟੀਜ਼ਨਸ਼ਿਪ ਕੈਨੇਡਾ (IRCC) ਅਨੁਸਾਰ ਇਹ ਫੀਸਾਂ ਹਰ 2 ਸਾਲਾਂ ਬਾਅਦ ਵਧਾਈਆਂ ਜਾਂਦੀਆਂ ਹਨ ਤਾਂ ਜੋ ਇਮੀਗ੍ਰੇਸ਼ਨ ਪ੍ਰੋਗਰਾਮਾਂ ਦੇ ਖਰਚਿਆਂ ਨੂੰ ਪੂਰਾ ਕੀਤਾ ਜਾ ਸਕੇ। ਇਹ ਵਾਧਾ ਸਾਰੀਆਂ ਸ਼੍ਰੇਣੀਆਂ ਜਿਵੇਂ ਕਿ ਆਰਥਿਕ ਇਮੀਗ੍ਰੇਸ਼ਨ, ਫੈਮਿਲੀ ਸਪਾਂਸਰਸ਼ਿਪ ਅਤੇ ਮਾਨਵਤਾਵਾਦੀ ਕੇਸਾਂ ‘ਤੇ ਲਾਗੂ ਹੋਵੇਗਾ।
ਬਿਨੈਕਾਰਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਆਪਣੀ ਅਰਜ਼ੀ ਜਮ੍ਹਾਂ ਕਰਨ ਤੋਂ ਪਹਿਲਾਂ ਸਹੀ ਫੀਸ ਦੀ ਜਾਂਚ ਕਰ ਲੈਣ। ਜੇਕਰ ਕੋਈ ਪੁਰਾਣੀ ਫੀਸ ਅਨੁਸਾਰ ਭੁਗਤਾਨ ਕਰਦਾ ਹੈ, ਤਾਂ ਉਸ ਦੀ ਅਰਜ਼ੀ ਵਿੱਚ ਦੇਰੀ ਹੋ ਸਕਦੀ ਹੈ ਜਾਂ ਉਸ ਨੂੰ ਵਾਧੂ ਰਕਮ ਭਰਨੀ ਪੈ ਸਕਦੀ ਹੈ। 30 ਅਪ੍ਰੈਲ 2026 ਜਾਂ ਉਸ ਤੋਂ ਬਾਅਦ ਪ੍ਰਾਪਤ ਹੋਣ ਵਾਲੀਆਂ ਸਾਰੀਆਂ ਅਰਜ਼ੀਆਂ ‘ਤੇ ਨਵੀਆਂ ਫੀਸਾਂ ਹੀ ਲਾਗੂ ਹੋਣਗੀਆਂ, ਭਾਵੇਂ ਬਿਨੈਕਾਰ ਨੇ ਆਪਣੀ ਫਾਈਲ ਪਹਿਲਾਂ ਹੀ ਕਿਉਂ ਨਾ ਤਿਆਰ ਕੀਤੀ ਹੋਵੇ।
ਇਸ ਤੋਂ ਪਹਿਲਾਂ ਅਪ੍ਰੈਲ 2024 ਵਿੱਚ ਫੀਸਾਂ ਵਿੱਚ 11% ਤੋਂ 13% ਦਾ ਵਾਧਾ ਹੋਇਆ ਸੀ। ਹਾਲਾਂਕਿ 2026 ਦਾ ਵਾਧਾ ਪਿਛਲੇ ਸਾਲ ਦੇ ਮੁਕਾਬਲੇ ਘੱਟ ਹੈ, ਪਰ ਇਹ ਹਰ ਸ਼੍ਰੇਣੀ ਦੇ ਬਿਨੈਕਾਰ ਨੂੰ ਪ੍ਰਭਾਵਿਤ ਕਰੇਗਾ। ਜਿਹੜੇ ਲੋਕ ਆਨਲਾਈਨ ਅਰਜ਼ੀ ਜਮ੍ਹਾਂ ਕਰ ਰਹੇ ਹਨ, ਉਨ੍ਹਾਂ ਨੂੰ ਸਬਮਿਟ ਬਟਨ ਦਬਾਉਣ ਤੋਂ ਪਹਿਲਾਂ ਨਵੀਂ ਫੀਸ ਭਰਨੀ ਲਾਜ਼ਮੀ ਹੋਵੇਗੀ।




