ਕੈਲਗਰੀ, 28 ਅਪ੍ਰੈਲ (ਦੇਸ ਪੰਜਾਬ ਟਾਇਮਜ਼): ਹੌਂਡਾ ਕੰਪਨੀ ਨੇ ਕੈਨੇਡਾ ਵਿੱਚ ਸੁਰੱਖਿਆ ਖ਼ਤਰਿਆਂ ਦੇ ਮੱਦੇਨਜ਼ਰ ਲਗਭਗ 40,000 ਮਿਨੀਵੈਨਾਂ ਨੂੰ ਵਾਪਸ ਮੰਗਵਾਉਣ (ਰੀਕਾਲ) ਦਾ ਫੈਸਲਾ ਕੀਤਾ ਹੈ। ਟ੍ਰਾਂਸਪੋਰਟ ਕੈਨੇਡਾ ਵੱਲੋਂ ਜਾਰੀ ਨੋਟਿਸ ਅਨੁਸਾਰ, ਇਹ ਰੀਕਾਲ ਹੌਂਡਾ ਓਡੀਸੀ ਦੇ 2018 ਤੋਂ 2022 ਤੱਕ ਦੇ ਮਾਡਲਾਂ ‘ਤੇ ਲਾਗੂ ਹੁੰਦਾ ਹੈ। ਕੰਪਨੀ ਅਨੁਸਾਰ ਇਨ੍ਹਾਂ ਗੱਡੀਆਂ ਦੇ ਸੌਫਟਵੇਅਰ ਵਿੱਚ ਇੱਕ ਤਕਨੀਕੀ ਨੁਕਸ ਹੈ, ਜਿਸ ਕਾਰਨ ਬਿਨਾਂ ਕਿਸੇ ਟੱਕਰ ਦੇ ਵੀ ਸਾਈਡ ਏਅਰਬੈਗ ਅਚਾਨਕ ਖੁੱਲ੍ਹ ਸਕਦੇ ਹਨ।
ਗੱਡੀ ਚਲਾਉਂਦੇ ਸਮੇਂ ਏਅਰਬੈਗ ਦਾ ਅਚਾਨਕ ਖੁੱਲ੍ਹਣਾ ਹਾਦਸੇ ਜਾਂ ਸੱਟ ਦਾ ਕਾਰਨ ਬਣ ਸਕਦਾ ਹੈ। ਹੌਂਡਾ ਨੇ ਕਿਹਾ ਹੈ ਕਿ ਉਹ ਪ੍ਰਭਾਵਿਤ ਗੱਡੀਆਂ ਦੇ ਮਾਲਕਾਂ ਨੂੰ ਡਾਕ ਰਾਹੀਂ ਸੂਚਿਤ ਕਰੇਗੀ। ਗਾਹਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਆਪਣੀਆਂ ਗੱਡੀਆਂ ਨੂੰ ਨਜ਼ਦੀਕੀ ਡੀਲਰਸ਼ਿਪ ‘ਤੇ ਲੈ ਕੇ ਜਾਣ, ਤਾਂ ਜੋ ਐਸ.ਆਰ.ਐਸ. ਇਲੈਕਟ੍ਰਾਨਿਕ ਕੰਟਰੋਲ ਯੂਨਿਟ ਨੂੰ ਮੁੜ ਤੋਂ ਪ੍ਰੋਗਰਾਮ ਜਾਂ ਬਦਲਿਆ ਜਾ ਸਕੇ। ਗਾਹਕ ਕੰਪਨੀ ਦੀ ਵੈੱਬਸਾਈਟ ‘ਤੇ ਜਾ ਕੇ ਚੈੱਕ ਕਰ ਸਕਦੇ ਹਨ ਕਿ ਕੀ ਉਨ੍ਹਾਂ ਦੀ ਗੱਡੀ ਇਸ ਰੀਕਾਲ ਵਿੱਚ ਸ਼ਾਮਲ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਦਸੰਬਰ ਵਿੱਚ ਵੀ ਹੌਂਡਾ ਨੇ ਬ੍ਰੇਕਾਂ ਦੀ ਸਮੱਸਿਆ ਕਾਰਨ ਲਗਭਗ 11,000 ਗੱਡੀਆਂ ਵਾਪਸ ਮੰਗਵਾਈਆਂ ਸਨ। ਉਸ ਸਮੇਂ ਹੌਂਡਾ ਐਕੁਰਾ ਦੇ 2016 ਤੋਂ 2020 ਦੇ ਮਾਡਲ ਪ੍ਰਭਾਵਿਤ ਹੋਏ ਸਨ। ਕੰਪਨੀ ਨੇ ਮੁੜ ਦੁਹਰਾਇਆ ਹੈ ਕਿ ਗਾਹਕਾਂ ਦੀ ਸੁਰੱਖਿਆ ਉਨ੍ਹਾਂ ਲਈ ਸਭ ਤੋਂ ਉੱਪਰ ਹੈ ਅਤੇ ਇਸੇ ਲਈ ਇਹ ਕਦਮ ਚੁੱਕਿਆ ਗਿਆ ਹੈ।




