ਕੈਲਗਰੀ, 7 ਮਈ (ਦੇਸ ਪੰਜਾਬ ਟਾਈਮਜ਼): ਕੈਲਗਰੀ ਦੀ ਮਹੋਗਨੀ ਝੀਲ ਵਿੱਚ ਡੁੱਬਣ ਕਾਰਨ ਜਾਨ ਗੁਆਉਣ ਵਾਲੇ 12 ਸਾਲਾ ਦਮਿਲੋਲਾ ਖਾਲਿਦ ਅਫੋਲਾਬੀ ਦਾ ਬੁੱਧਵਾਰ ਨੂੰ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਹ ਪਰਿਵਾਰ ਇਸੇ ਸਾਲ ਮਾਰਚ ਵਿੱਚ ਗਾਨਾ ਤੋਂ ਕੈਨੇਡਾ ਆਇਆ ਸੀ। ਬੱਚੇ ਦੇ ਪਿਤਾ ਜੁਬਰੀਲ ਬਾਬਾਤੁੰਡੇ ਅਫੋਲਾਬੀ ਨੇ ਬੇਹੱਦ ਭਾਵੁਕ ਹੁੰਦਿਆਂ ਕਿਹਾ ਕਿ ਉਸ ਦੇ ਪੁੱਤਰ ਨੇ ਕੈਨੇਡਾ ਵਿੱਚ ਚੰਗੇ ਭਵਿੱਖ ਦੀ ਉਮੀਦ ਜਤਾਈ ਸੀ, ਪਰ ਉਸ ਨੂੰ ਨਹੀਂ ਪਤਾ ਸੀ ਕਿ ਉਸ ਨੂੰ ਇੰਨੀ ਜਲਦੀ ਆਪਣੇ ਪੁੱਤਰ ਨੂੰ ਦਫ਼ਨਾਉਣਾ ਪਵੇਗਾ।
ਘਟਨਾ ਵਾਲੇ ਦਿਨ ਬੱਚਾ ਬਾਸਕਟਬਾਲ ਖੇਡਣ ਤੋਂ ਬਾਅਦ ਝੀਲ ਵਿੱਚ ਕੁੱਦ ਗਿਆ ਸੀ ਅਤੇ ਬਚਾਅ ਟੀਮ ਨੂੰ ਉਸ ਦੀ ਦੇਹ ਲੱਭਣ ਵਿੱਚ 40 ਮਿੰਟ ਲੱਗ ਗਏ। ਇਸ ਹਾਦਸੇ ਤੋਂ ਬਾਅਦ ਇਲਾਕਾ ਨਿਵਾਸੀਆਂ ਨੇ ਨਿੱਜੀ ਝੀਲਾਂ ਲਈ ਸਖਤ ਨਿਯਮ ਬਣਾਉਣ ਅਤੇ ਬੱਚਿਆਂ ਲਈ ਉਮਰ ਦੀ ਹੱਦ ਤੈਅ ਕਰਨ ਦੀ ਮੰਗ ਕੀਤੀ ਹੈ। ਮਹੋਗਨੀ ਲੇਕ ਐਸੋਸੀਏਸ਼ਨ ਨੇ ਵੀ ਇਸ ਦੁਖਦਾਈ ਘਟਨਾ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਪਿਛਲੇ ਸਾਲ ਅਗਸਤ ਵਿੱਚ ਵੀ ਇਸੇ ਝੀਲ ਵਿੱਚ ਦੋ ਨੌਜਵਾਨਾਂ ਦੀ ਡੁੱਬਣ ਨਾਲ ਮੌਤ ਹੋ ਗਈ ਸੀ।
ਕੈਲਗਰੀ ਦੀ ਮਹੋਗਨੀ ਝੀਲ ਵਿੱਚ ਡੁੱਬਣ ਕਾਰਨ 12 ਸਾਲਾ ਬੱਚੇ ਦੀ ਮੌਤ




