ਕੈਲਗਰੀ, 16 ਜੂਨ, (ਦੇਸ ਪੰਜਾਬ ਟਾਈਮਜ਼): ਇੱਕ ਨਵੀਂ ਰਿਪੋਰਟ ਅਨੁਸਾਰ ਸਿੰਗਲ ਕੈਨੇਡੀਅਨ ਵਧਦੀਆਂ ਭੋਜਨ ਕੀਮਤਾਂ ਕਾਰਨ ਪਰੇਸ਼ਾਨ ਹਨ ਕਿਉਂਕਿ ਉਨ੍ਹਾਂ ਨੂੰ ਰਾਸ਼ਨ ਦਾ ਖਰਚਾ ਇਕੱਲਿਆਂ ਚੁੱਕਣਾ ਪੈ ਰਿਹਾ ਹੈ। ਇੰਟਰੈਕਟ ਦੇ ਸਰਵੇਖਣ ਅਨੁਸਾਰ ਸਿੰਗਲ ਕੈਨੇਡੀਅਨ ਹਰ ਹਫ਼ਤੇ ਕਰਿਆਨੇ ‘ਤੇ ਲਗਭਗ 102 ਡਾਲਰ ਖਰਚ ਕਰਦੇ ਹਨ ਜਦਕਿ ਜੋੜੇ ਪ੍ਰਤੀ ਵਿਅਕਤੀ 80 ਡਾਲਰ ਖਰਚ ਕਰਦੇ ਹਨ। ਮੰਗਲਵਾਰ ਨੂੰ ਪ੍ਰਕਾਸ਼ਿਤ ਇਸ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ 10 ਵਿੱਚੋਂ ਲਗਭਗ 8 ਸਿੰਗਲ ਲੋਕਾਂ ਦਾ ਕਹਿਣਾ ਹੈ ਕਿ ਉਹ ਆਪਣੇ ਬਿੱਲਾਂ ਨੂੰ ਘੱਟ ਕਰਨ ਵਿੱਚ ਅਸਮਰੱਥ ਹਨ। ਬਹੁਤ ਸਾਰੇ ਸਿੰਗਲ ਲੋਕ ਥੋਕ ਵਿੱਚ ਸਮਾਨ ਖਰੀਦ ਕੇ ਪੈਸੇ ਨਹੀਂ ਬਚਾ ਸਕਦੇ ਅਤੇ ਉਹਨਾਂ ਲਈ ਇੱਕ ਵਿਅਕਤੀ ਦੇ ਹਿਸਾਬ ਨਾਲ ਸਮਾਨ ਲੱਭਣਾ ਮੁਸ਼ਕਲ ਹੁੰਦਾ ਹੈ। 32 ਪ੍ਰਤੀਸ਼ਤ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਦਾ ਭੋਜਨ ਅਕਸਰ ਵਰਤਣ ਤੋਂ ਪਹਿਲਾਂ ਹੀ ਖਰਾਬ ਹੋ ਜਾਂਦਾ ਹੈ ਕਿਉਂਕਿ ਵੰਡਣ ਲਈ ਕੋਈ ਹੋਰ ਨਹੀਂ ਹੁੰਦਾ। 2022 ਤੋਂ ਕਰਿਆਨੇ ਦੀਆਂ ਕੀਮਤਾਂ ਵਿੱਚ ਲਗਭਗ 22 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ ਜਦਕਿ ਹੋਰ ਖਪਤਕਾਰ ਕੀਮਤਾਂ ਵਿੱਚ 13 ਪ੍ਰਤੀਸ਼ਤ ਵਾਧਾ ਦਰਜ ਕੀਤਾ ਗਿਆ ਹੈ। ਖਰਚਿਆਂ ਨੂੰ ਕੰਟਰੋਲ ਕਰਨ ਲਈ ਲਗਭਗ ਅੱਧੇ ਲੋਕਾਂ ਨੇ ਮਹਿੰਗੇ ਮੀਟ ਦੀ ਖਰੀਦਦਾਰੀ ਘਟਾ ਦਿੱਤੀ ਹੈ। 10 ਵਿੱਚੋਂ 4 ਲੋਕਾਂ ਨੇ ਪਿਛਲੇ 6 ਮਹੀਨਿਆਂ ਵਿੱਚ ਸਧਾਰਨ ਬ੍ਰਾਂਡਾਂ ਦੀ ਵਰਤੋਂ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਅੱਧੇ ਲੋਕ ਅਜੇ ਵੀ ਸਨੈਕਸ ਅਤੇ ਚਾਕਲੇਟ ਖਰੀਦਣਾ ਪਸੰਦ ਕਰਦੇ ਹਨ। ਇਸ ਮਹਿੰਗਾਈ ਦਾ ਅਸਰ ਜੋੜਿਆਂ ਦੇ ਰਿਸ਼ਤਿਆਂ ‘ਤੇ ਵੀ ਪੈ ਰਿਹਾ ਹੈ। 39 ਪ੍ਰਤੀਸ਼ਤ ਮਿਲੇਨੀਅਲਸ ਦਾ ਕਹਿਣਾ ਹੈ ਕਿ ਕਰਿਆਨੇ ਦਾ ਖਰਚਾ ਉਨ੍ਹਾਂ ਦੇ ਰਿਸ਼ਤੇ ਵਿੱਚ ਤਣਾਅ ਦਾ ਅਹਿਮ ਕਾਰਨ ਹੈ। ਇਹ ਸਰਵੇਖਣ 1500 ਬਾਲਗਾਂ ‘ਤੇ ਆਧਾਰਿਤ ਹੈ।
ਕਰਿਆਨੇ ਦੀਆਂ ਵਧਦੀਆਂ ਕੀਮਤਾਂ ਨੇ ਵਧਾਈ ਸਿੰਗਲ ਕੈਨੇਡੀਅਨਾਂ ਦੀ ਚਿੰਤਾ





